ਵਿਸ਼ੇਸ਼ ਸਿੱਖਿਆ ਵਿਵਾਦ ਨਿਪਟਾਰਾ

ਵਿਸ਼ੇਸ਼ ਸਿੱਖਿਆ ਵਿਵਾਦ ਨਿਪਟਾਰਾ

ਜੂਨ, 2024 ਨੂੰ ਅੱਪਡੇਟ ਕੀਤਾ ਗਿਆ

ਸਕੂਲ ਡਿਸਟ੍ਰਿਕਟ ਨਾਲ ਵਿਵਾਦ ਨੂੰ ਹੱਲ ਕਰਨ ਲਈ ਮੈਂ ਕੀ ਕਰ ਸਕਦਾ/ਸਕਦੀ ਹਾਂ?

ਡਿਸਟ੍ਰਿਕਟ ਨਾਲ ਮੁਲਾਕਾਤ ਕਰੋ, ਸਾਲਸੀ ਲਈ ਬੇਨਤੀ ਕਰੋ, ਸ਼ਿਕਾਇਤ ਕਰੋ ਜਾਂ ਨਿਰਪੱਖ ਸੁਣਵਾਈ ਲਈ ਬੇਨਤੀ ਕਰੋ।

ਆਪਣੇ ਅਪਾਹਜ ਵਿਦਿਆਰਥੀ ਦੀ ਵਕਾਲਤ ਕਰਦੇ ਸਮੇਂ, ਹੋ ਸਕਦਾ ਹੈ ਕਿ ਤੁਸੀਂ ਸਕੂਲ ਡਿਸਟ੍ਰਿਕਟ ਦੀ ਕਿਸੇ ਗੱਲ ਨਾਲ ਅਸਹਿਮਤ ਹੋਵੋ। ਜਦੋਂ ਵੀ ਸੰਭਵ ਹੋਵੇ, Individualized Education Program (IEP, ਵਿਅਕਤੀਗਤ ਸਿੱਖਿਆ ਪ੍ਰੋਗਰਾਮ) ਟੀਮ ਦੇ ਮੈਂਬਰਾਂ ਜਾਂ ਸਕੂਲ ਡਿਸਟ੍ਰਿਕਟ ਦੇ ਹੋਰ ਅਧਿਕਾਰੀਆਂ ਨਾਲ ਗੱਲ ਕਰਕੇ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨਾ ਇੱਕ ਚੰਗਾ ਵਿਚਾਰ ਹੈ। ਜੇਕਰ ਇਸ ਤਰੀਕੇ ਨਾਲ ਗੱਲ ਨਹੀਂ ਬਣਦੀ ਹੈ, ਤਾਂ ਕਾਨੂੰਨ ਦੁਆਰਾ ਕਈ ਵਿਧੀਆਂ ਬਣਾਈਆਂ ਗਈਆਂ ਹਨ ਜਿਹਨਾਂ ਨੂੰ ਵਿਵਾਦ ਸੁਲਝਾਉਣ ਲਈ ਵਰਤਿਆ ਜਾ ਸਕਦਾ ਹੈ।

ਮਾਪਿਆਂ ਅਤੇ ਸਕੂਲਾਂ ਦੇ ਕੋਲ ਰਸਮੀ ਸ਼ਿਕਾਇਤ ਪ੍ਰਕਿਰਿਆਵਾਂ, ਸਾਲਸੀ ਅਤੇ ਨਿਰਪੱਖ ਸੁਣਵਾਈਆਂ ਉਪਲਬਧ ਹਨ, ਜਿਹਨਾਂ ਰਾਹੀਂ ਉਹ ਵਿਸ਼ੇਸ਼ ਸਿੱਖਿਆ ਨਾਲ ਸੰਬੰਧਿਤ ਵਿਵਾਦਾਂ ਨੂੰ ਸੁਲਝਾ ਸਕਦੇ ਹਨ, ਜਿਸ ਵਿੱਚ ਹੇਠ ਲਿਖਿਆਂ ਬਾਰੇ ਅਸਹਿਮਤੀ ਵੀ ਸ਼ਾਮਲ ਹੈ:

  • ਵਿਦਿਆਰਥੀ ਦੀ ਅਪਾਹਜ ਵਜੋਂ ਪਛਾਣ
  • ਵਿਦਿਆਰਥੀ ਦਾ ਮੁਲਾਂਕਣ
  • ਵਿਸ਼ੇਸ਼ ਸਿੱਖਿਆ ਸੇਵਾਵਾਂ ਪ੍ਰਦਾਨ ਕਰਨਾ
  • ਸਿੱਖਿਆ ਦੇ ਮਾਹੌਲ ਵਿੱਚ ਬੱਚੇ ਦੀ ਪਲੇਸਮੈਂਟ।

ਸ਼ਿਕਾਇਤਾਂ

ਜੇਕਰ ਕਿਸੇ ਵਿਦਿਆਰਥੀ ਦੇ ਵਿਸ਼ੇਸ਼ ਸਿੱਖਿਆ (Individuals with Disabilities Education Act (IDEA, ਅਪਾਹਜ ਵਿਅਕਤੀ ਸਿੱਖਿਆ ਐਕਟ) ਜਾਂ 504) ਪ੍ਰੋਗਰਾਮ ਬਾਰੇ ਕੋਈ ਅਸਹਿਮਤੀ ਪੈਦਾ ਹੁੰਦੀ ਹੈ ਤਾਂ ਉਸ ਸਥਿਤੀ ਲਈ ਦੋ ਰਸਮੀ ਸ਼ਿਕਾਇਤ ਪ੍ਰਕਿਰਿਆਵਾਂ ਉਪਲਬਧ ਹਨ।

  1. ਵਾਸ਼ਿੰਗਟਨ ਰਾਜ ਦੇ Office of the Superintendent of Public Instruction ਨੂੰ ਵਿਸ਼ੇਸ਼ ਸਿੱਖਿਆ ਕਮਿਊਨਿਟੀ ਸ਼ਿਕਾਇਤ।

ਵਿਸ਼ੇਸ਼ ਸਿੱਖਿਆ ਕਮਿਊਨਿਟੀ ਸ਼ਿਕਾਇਤ ਕੀ ਹੈ?

ਵਿਸ਼ੇਸ਼ ਸਿੱਖਿਆ ਕਮਿਊਨਿਟੀ ਸ਼ਿਕਾਇਤ, ਜਿਸਨੂੰ ਪਹਿਲਾਂ ਨਾਗਰਿਕ ਸ਼ਿਕਾਇਤ ਕਿਹਾ ਜਾਂਦਾ ਸੀ, ਇੱਕ ਅਜਿਹਾ ਜ਼ਰੀਆ ਹੈ ਜਿਸ ਵਿੱਚ ਇੱਕ ਬਾਹਰੀ ਏਜੰਸੀ ਦੁਆਰਾ ਵਿਦਿਆਰਥੀਆਂ ਅਤੇ ਡਿਸਟ੍ਰਿਕਟ ਦੇ ਵਿਚਕਾਰ ਦੇ ਵਿਵਾਦਾਂ ਨੂੰ ਹੱਲ ਕੀਤਾ ਜਾਂਦਾ ਹੈ। ਜੇਕਰ ਕਿਸੇ ਨੂੰ ਲੱਗਦਾ ਹੈ ਕਿ ਸਿੱਖਿਆ ਦੇ ਕਿਸੇ ਅਦਾਰੇ (ਸਟੇਟ, ਸਕੂਲ ਡਿਸਟ੍ਰਿਕਟ, ਜਾਂ ਪਬਲਿਕ ਜਾਂ ਪ੍ਰਾਈਵੇਟ ਸਕੂਲ ਸਮੇਤ) ਨੇ IDEA ਜਾਂ ਰਾਜ ਦੇ ਵਿਸ਼ੇਸ਼ ਸਿੱਖਿਆ ਨਿਯਮਾਂ ਦੀ ਉਲੰਘਣਾ ਕੀਤੀ ਹੈ, ਤਾਂ Office of Superintendent of Public Instruction (OSPI, ਆਫਿਸ ਆਫ ਸੁਪਰੀਟੈਨਡੈਂਟ ਆਫ ਪਬਲਿਕ ਇੰਸਟ੍ਰਕਸ਼ਨ) ਦੇ ਕੋਲ ਕਮਿਊਨਿਟੀ ਸ਼ਿਕਾਇਤਾਂ ਦਰਜ ਕੀਤੀਆਂ ਜਾਣੀਆਂ ਚਾਹੀਦੀਆਂ ਹਨ।

ਵਿਸ਼ੇਸ਼ ਸਿੱਖਿਆ ਕਮਿਊਨਿਟੀ ਸ਼ਿਕਾਇਤ ਕੌਣ ਦਰਜ ਕਰਵਾ ਸਕਦਾ ਹੈ?

ਕੋਈ ਵੀ ਵਿਅਕਤੀ ਜਾਂ ਸੰਸਥਾ, Office of the Superintendent of Public Instruction ਦੇ ਕੋਲ ਸ਼ਿਕਾਇਤ ਦਰਜ ਕਰਵਾ ਸਕਦੀ ਹੈ।

ਵਿਸ਼ੇਸ਼ ਸਿੱਖਿਆ ਕਮਿਊਨਿਟੀ ਸ਼ਿਕਾਇਤ ਦੀਆਂ ਕੀ ਲੋੜਾਂ ਹਨ?

ਸ਼ਿਕਾਇਤ ਇਸ ਪ੍ਰਕਾਰ ਹੋਣੀ ਚਾਹੀਦੀ ਹੈ:

  • ਲਿਖਤੀ ਰੂਪ ਵਿੱਚ ਹੋਣੀ ਚਾਹੀਦੀ ਹੈ
  • ਇਸ ਉੱਤੇ ਸ਼ਿਕਾਇਤ-ਕਰਤਾ ਦੇ ਦਸਤਖਤ ਹੋਣੇ ਚਾਹੀਦੇ ਹਨ
  • ਇਸ ਵਿੱਚ ਇੱਕ ਬਿਆਨ ਸ਼ਾਮਲ ਹੋਣਾ ਚਾਹੀਦਾ ਹੈ ਕਿ ਸਿੱਖਿਆ ਦੇ ਅਦਾਰੇ ਨੇ ਪਿਛਲੇ ਸਾਲ ਦੇ ਵਿੱਚ ਵਿਸ਼ੇਸ਼ ਸਿੱਖਿਆ ਕਾਨੂੰਨ ਦੀ ਉਲੰਘਣਾ ਕੀਤੀ ਹੈ
  • ਉਸ ਵਿੱਚ ਉਲੰਘਣਾ ਦੇ ਤੱਥ ਦੱਸੇ ਹੋਣੇ ਚਾਹੀਦੇ ਹਨ
    • ਸ਼ਿਕਾਇਤ-ਕਰਤਾ ਦਾ ਨਾਮ ਅਤੇ ਪਤਾ ਸ਼ਾਮਲ ਹੋਣਾ ਚਾਹੀਦਾ ਹੈ ਅਤੇ
    • ਸਿੱਖਿਆ ਦੇ ਅਦਾਰੇ ਦਾ ਨਾਮ ਅਤੇ ਪਤਾ ਸ਼ਾਮਲ ਹੋਣਾ ਚਾਹੀਦਾ ਹੈ।

ਜੇਕਰ ਸ਼ਿਕਾਇਤ ਕਿਸੇ ਖਾਸ ਵਿਦਿਆਰਥੀ ਬਾਰੇ ਹੈ, ਤਾਂ ਸ਼ਿਕਾਇਤ ਵਿੱਚ ਹੇਠ ਲਿਖੀ ਜਾਣਕਾਰੀ ਸ਼ਾਮਲ ਹੋਣੀ ਚਾਹੀਦੀ ਹੈ:

    • ਵਿਦਿਆਰਥੀ ਦਾ ਨਾਮ
    • ਵਿਦਿਆਰਥੀ ਦੀ ਸਕੂਲ ਡਿਸਟ੍ਰਿਕਟ ਦਾ ਨਾਮ
    • ਵਿਦਿਆਰਥੀ ਨੂੰ ਪ੍ਰਭਾਵਿਤ ਕਰਨ ਵਾਲੀ ਸਮੱਸਿਆ ਦਾ ਵੇਰਵਾ
    • ਸਮੱਸਿਆ ਲਈ ਸੁਝਾਇਆ ਗਿਆ ਹੱਲ।

ਕਮਿਊਨਿਟੀ ਸ਼ਿਕਾਇਤ ਫਾਰਮ ਕਿੱਥੇ ਮਿਲ ਸਕਦਾ ਹੈ?

OSPI ਨੇ ਤੁਹਾਡੇ ਲਈ ਇੱਕ ਵਿਕਲਪਿਕ ਫਾਰਮ ਬਣਾਇਆ ਹੈ ਜਿਸ ਦੀ ਵਰਤੋਂ ਤੁਸੀਂ ਵਿਸ਼ੇਸ਼ ਸਿੱਖਿਆ ਕਮਿਊਨਿਟੀ ਸ਼ਿਕਾਇਤ ਦਰਜ  ਕਰਨ ਵੇਲੇ ਕਰ ਸਕਦੇ ਹੋ। ਫਾਰਮ ਇੱਥੇ ਉਪਲਬਧ ਹੈ: https://ospi.k12.wa.us/student-success/special-education/dispute-resolution/file-community-complaint

ਤੁਸੀਂ ਕਿੱਥੇ ਪ੍ਰਭਾਵ ਪਾ ਸਕਦੇ ਹੋ?

ਜਦੋਂ ਤੁਸੀਂ ਕੋਈ ਕਮਿਊਨਿਟੀ ਸ਼ਿਕਾਇਤ ਕਰਦੇ ਹੋ, ਤਾਂ ਸਮੇਂ-ਸੀਮਾ ਉੱਤੇ ਧਿਆਨ ਦੇਣਾ ਨਾ ਭੁੱਲੋ। ਜੇਕਰ OSPI ਜਾਂ ਸਿੱਖਿਆ ਦਾ ਅਦਾਰਾ ਉਚਿਤ ਸਮੇਂ-ਸੀਮਾ ਦੇ ਅੰਦਰ ਕਾਰਵਾਈ ਕਰਨ ਵਿੱਚ ਅਸਫਲ ਰਹਿੰਦਾ ਹੈ, ਤਾਂ ਤੁਹਾਡੇ ਕੋਲ ਇੱਕ ਹੋਰ ਸ਼ਿਕਾਇਤ ਦਰਜ ਦਾ ਆਧਾਰ ਹੋਵੇਗਾ।

ਆਪਣੀ ਸ਼ਿਕਾਇਤ ਵਿੱਚ ਢੁਕਵੇਂ ਸਕੂਲ ਰਿਕਾਰਡ ਸ਼ਾਮਲ ਕਰੋ ਅਤੇ ਉਹਨਾਂ ਪੰਨਿਆਂ ਉੱਤੇ ਨੰਬਰ ਜ਼ਰੂਰ ਪਾਓ, ਜਿਸ ਨਾਲ ਰਿਕਾਰਡਾਂ ਨੂੰ ਲੱਭਣਾ ਆਸਾਨ ਹੋ ਜਾਵੇਗਾ।

ਵਿਸ਼ੇਸ਼ ਸਿੱਖਿਆ ਕਮਿਊਨਿਟੀ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਕੀ ਹੁੰਦਾ ਹੈ?

ਇੱਕ ਵਾਰ ਜਦੋਂ OSPI ਨੂੰ ਸ਼ਿਕਾਇਤ ਪ੍ਰਾਪਤ ਹੋ ਜਾਂਦੀ ਹੈ ਤਾਂ ਉਹਨਾਂ ਨੂੰ ਸ਼ਿਕਾਇਤ ਦੀ ਇੱਕ ਕਾਪੀ ਸਕੂਲ ਡਿਸਟ੍ਰਿਕਟ ਨੂੰ ਭੇਜਣੀ ਪਵੇਗੀ। ਸ਼ਿਕਾਇਤ ਪ੍ਰਾਪਤ ਹੋਣ ਦੇ 20 ਕੈਲੰਡਰ ਦਿਨਾਂ ਦੇ ਅੰਦਰ, ਸਕੂਲ ਡਿਸਟ੍ਰਿਕਟ ਨੂੰ ਸ਼ਿਕਾਇਤ ਦੀ ਜਾਂਚ ਕਰਨੀ ਪਵੇਗੀ ਅਤੇ OSPI ਨੂੰ ਲਿਖਤੀ ਰੂਪ ਵਿੱਚ ਜਵਾਬ ਦੇਣਾ ਪਵੇਗਾ। OSPI ਤੁਹਾਨੂੰ ਸਕੂਲ ਡਿਸਟ੍ਰਿਕਟ ਦੇ ਜਵਾਬ ਦੀ ਇੱਕ ਕਾਪੀ ਭੇਜੇਗਾ। ਫਿਰ ਇਸ ਤੋਂ ਬਾਅਦ ਤੁਹਾਡੇ ਕੋਲ ਸ਼ਿਕਾਇਤ ਬਾਰੇ ਵਾਧੂ ਜਾਣਕਾਰੀ ਦਰਜ ਕਰਨ ਦਾ ਵਿਕਲਪ ਹੋਵੇਗਾ।

60 ਕੈਲੰਡਰ ਦਿਨਾਂ ਦੇ ਅੰਦਰ, OSPI ਨੂੰ ਸੁਤੰਤਰ ਰੂਪ ਵਿੱਚ ਇੱਕ ਲਿਖਤੀ ਫੈਸਲਾ ਦੇਣਾ ਪਵੇਗਾ ਕਿ ਸਿੱਖਿਆ ਦਾ ਅਦਾਰਾ, ਸੰਘ ਜਾਂ ਰਾਜ ਦੇ ਵਿਸ਼ੇਸ਼ ਸਿੱਖਿਆ ਕਾਨੂੰਨ ਦੀ ਉਲੰਘਣਾ ਕਰ ਰਿਹਾ ਹੈ ਜਾਂ ਨਹੀਂ। ਫੈਸਲੇ ਵਿੱਚ ਤੱਥਾਂ ਦੇ ਨਤੀਜੇ ਹੋਣੇ ਚਾਹੀਦੇ ਹਨ ਅਤੇ ਸ਼ਿਕਾਇਤ ਨੂੰ ਹੱਲ ਕਰਨ ਲਈ ਲੋੜੀਂਦੇ ਵਾਜਬ ਕਦਮਾਂ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਸਮੇਂ-ਸੀਮਾ ਨੂੰ ਅੱਗੇ ਵਧਾਇਆ ਜਾ ਸਕਦਾ ਹੈ ਜੇਕਰ:

1) ਸ਼ਿਕਾਇਤ ਨਾਲ ਸੰਬੰਧਿਤ ਅਸਧਾਰਨ ਸਥਿਤੀਆਂ ਮੌਜੂਦ ਹਨ ਜਾਂ

2) ਸ਼ਿਕਾਇਤ-ਕਰਤਾ ਅਤੇ ਸਿੱਖਿਆ ਦੇ ਅਦਾਰੇ ਨੇ ਸਾਲਸੀ ਜਾਂ ਵਿਵਾਦ ਦਾ ਨਿਪਟਾਰਾ ਕਰਨ ਦੀ ਕਿਸੇ ਹੋਰ ਵਿਧੀ ਨੂੰ ਵਰਤਣ ਲਈ ਸਮੇਂ-ਸੀਮਾ ਨੂੰ ਅੱਗੇ ਵਧਾਉਣ ਲਈ ਲਿਖਤੀ ਰੂਪ ਵਿੱਚ ਸਹਿਮਤੀ ਦਿੱਤੀ ਹੈ।

ਇਸ ਤੋਂ ਬਾਅਦ ਸਕੂਲ ਡਿਸਟ੍ਰਿਕਟ ਨੂੰ ਕਿਸੇ ਵੀ ਸੁਝਾਈ ਗਈ ਸੁਧਾਰਾਤਮਕ ਕਾਰਵਾਈ ਨੂੰ ਪੂਰਾ ਕਰਨ ਲਈ OSPI ਦੇ ਲਿਖਤੀ ਫੈਸਲੇ ਵਿੱਚ ਨਿਰਧਾਰਤ ਸਮਾਂ-ਸੀਮਾ ਦੀ ਪਾਲਣਾ ਕਰਨੀ ਹੋਵੇਗੀ। ਜੇਕਰ ਸਕੂਲ ਡਿਸਟ੍ਰਿਕਟ ਪਾਲਣਾ ਨਹੀਂ ਕਰਦੀ ਹੈ, ਤਾਂ OSPI ਵੱਲੋਂ ਡਿਸਟ੍ਰਿਕਟ ਨੂੰ ਦਿੱਤੇ ਜਾਣ ਵਾਲੇ ਫੰਡ ਰੋਕੇ ਜਾ ਸਕਦੇ ਹਨ ਜਾਂ ਉਹ ਕੋਈ ਹੋਰ ਮਤਾ ਪਾਸ ਕਰ ਸਕਦੇ ਹਨ।

ਜੇਕਰ ਇਹ ਫੈਸਲਾ ਕੀਤਾ ਜਾਂਦਾ ਹੈ ਕਿ ਸਕੂਲ ਡਿਸਟ੍ਰਿਕਟ ਕਿਸੇ ਅਪਾਹਜ ਵਿਦਿਆਰਥੀ ਨੂੰ ਢੁਕਵੀਆਂ ਸੇਵਾਵਾਂ ਪ੍ਰਦਾਨ ਕਰਨ ਵਿੱਚ ਅਸਫਲ ਰਹੀ ਹੈ, ਤਾਂ OSPI ਲਈ ਇਹ ਕਾਰਵਾਈਆਂ ਕਰਨਾ ਲਾਜ਼ਮੀ ਹੈ:

  • ਇਹ ਫੈਸਲਾ ਕਰਨਾ ਕਿ ਸਕੂਲ ਡਿਸਟ੍ਰਿਕਟ ਨੂੰ ਸੇਵਾਵਾਂ ਦੇਣ ਤੋਂ ਇਨਕਾਰ ਕਰਨ ਲਈ ਭਰਪਾਈ ਕਿਵੇਂ ਕਰਨੀ ਚਾਹੀਦੀ ਹੈ, ਜਿਸ ਵਿੱਚ ਵਿਦਿਆਰਥੀ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਪੈਸਿਆਂ ਦਾ ਭੁਗਤਾਨ ਕਰਨਾ ਜਾਂ ਕੁਝ ਹੋਰ ਸੁਧਾਰਾਤਮਕ ਕਾਰਵਾਈ ਕਰਨਾ ਸ਼ਾਮਲ ਹੈ।
  • ਭਵਿੱਖ ਵਿੱਚ ਸਾਰੇ ਅਪਾਹਜ ਵਿਦਿਆਰਥੀਆਂ ਨੂੰ ਸੇਵਾਵਾਂ ਪ੍ਰਦਾਨ ਕਰਨ ਲਈ ਯੋਜਨਾ ਬਣਾਉਣਾ।

ਮੈਨੂੰ OSPI ਦੀ ਕਮਿਊਨਿਟੀ ਸ਼ਿਕਾਇਤ ਬਾਰੇ ਹੋਰ ਜਾਣਕਾਰੀ ਕਿੱਥੋਂ ਮਿਲ ਸਕਦੀ ਹੈ?

https://ospi.k12.wa.us/student-success/special-education/dispute-resolution/file-community-complaint

ਸੰਯੁਕਤ ਰਾਜ ਅਮਰੀਕਾ ਦੇ Office of Civil Rights for the Department of Education ਨੂੰ ਨਾਗਰਿਕ ਅਧਿਕਾਰਾਂ ਸੰਬੰਧੀ ਸ਼ਿਕਾਇਤ

ਨਾਗਰਿਕ ਅਧਿਕਾਰਾਂ ਸੰਬੰਧੀ ਸ਼ਿਕਾਇਤ ਕੀ ਹੈ?

ਸੈਕਸ਼ਨ 504 ਇੱਕ ਵਿਤਕਰਾ-ਵਿਰੋਧੀ ਕਾਨੂੰਨ ਹੈ ਜਿਸਦਾ ਉਦੇਸ਼ ਫੈਡਰਲ ਫੰਡਿੰਗ ਪ੍ਰਾਪਤ ਕਰਨ ਵਾਲੇ ਸਾਰੇ ਪ੍ਰੋਗਰਾਮਾਂ ਵਿੱਚ ਅਪਾਹਜਤਾ ਦੇ ਅਧਾਰ 'ਤੇ ਵਿਤਕਰੇ ਨੂੰ ਖਤਮ ਕਰਨਾ ਹੈ। ਕਿਉਂਕਿ ਪਬਲਿਕ ਸਕੂਲਾਂ ਅਤੇ ਡਿਸਟ੍ਰਿਕਟ ਨੂੰ ਫੈਡਰਲ ਫੰਡਿੰਗ ਪ੍ਰਾਪਤ ਹੁੰਦੀ ਹੈ, ਇਸ ਲਈ ਉਹ ਸੈਕਸ਼ਨ 504 ਦੀਆਂ ਸ਼ਰਤਾਂ ਦੇ ਅਧੀਨ ਆਉਂਦੇ ਹਨ।

ਸੰਯੁਕਤ ਰਾਜ ਅਮਰੀਕਾ ਦੇ Department of Education (ਸਿੱਖਿਆ ਵਿਭਾਗ) ਦੇ ਲਈ ਸੰਯੁਕਤ ਰਾਜ ਅਮਰੀਕਾ ਦੇ Office for Civil Rights (OCR, ਨਾਗਰਿਕ ਅਧਿਕਾਰਾਂ ਦਾ ਦਫਤਰ) ਨੂੰ ਸੈਕਸ਼ਨ 504 ਦੀ ਸੁਰੱਖਿਆ ਲਾਗੂ ਕਰਨ ਅਤੇ ਸ਼ਿਕਾਇਤਾਂ ਦੀ ਜਾਂਚ ਕਰਨ ਦਾ ਕੰਮ ਸੌਂਪਿਆ ਗਿਆ ਹੈ।

ਨਾਗਰਿਕ ਅਧਿਕਾਰਾਂ ਸੰਬੰਧੀ ਸ਼ਿਕਾਇਤ ਕੌਣ ਦਰਜ ਕਰਵਾ ਸਕਦਾ ਹੈ?

ਜਦੋਂ ਵੀ ਕਿਸੇ ਅਪਾਹਜ ਵਿਦਿਆਰਥੀ ਨੂੰ ਕਿਸੇ ਪ੍ਰੋਗਰਾਮ ਦੇ ਲਈ ਆਪਣੇ ਗੈਰ-ਅਪਾਹਜ ਸਾਥੀਆਂ ਦੇ ਬਰਾਬਰ ਸਿੱਖਿਆ ਦਾ ਲਾਭ ਪ੍ਰਾਪਤ ਨਹੀਂ ਹੁੰਦਾ ਹੈ, ਤਾਂ ਕੋਈ ਵੀ ਵਿਅਕਤੀ ਅਮਰੀਕਾ ਦੇ Office of Civil Rights ਕੋਲ ਸ਼ਿਕਾਇਤ ਦਰਜ ਕਰ ਸਕਦਾ ਹੈ। ਇਸਦੀ ਇੱਕ ਉਦਾਹਰਨ ਇਹ ਹੋ ਸਕਦੀ ਹੈ: ਜਦੋਂ ਵਿਵਹਾਰ ਸੰਬੰਧੀ ਅਪਾਹਜਤਾ ਵਾਲੇ ਵਿਦਿਆਰਥੀ ਨੂੰ ਕਿਹਾ ਜਾਂਦਾ ਹੈ ਕਿ ਉਹ ਫੀਲਡ ਟ੍ਰਿਪ 'ਤੇ ਨਹੀਂ ਜਾ ਸਕਦਾ ਹੈ ਅਤੇ ਜਦੋਂ ਬਾਕੀ ਕਲਾਸ ਫੀਲਡ ਟ੍ਰਿਪ 'ਤੇ ਹੋਵੇਗੀ ਉਦੋਂ ਉਸ ਨੂੰ ਪ੍ਰਿੰਸੀਪਲ ਦੇ ਦਫਤਰ ਵਿੱਚ ਰਹਿਣਾ ਪਵੇਗਾ। OCR ਸ਼ਿਕਾਇਤਾਂ ਵਿੱਚ ਪਹੁੰਚਯੋਗਤਾ ਸੰਬੰਧੀ ਸਮੱਸਿਆਵਾਂ ਵੀ ਸ਼ਾਮਲ ਹੋ ਸਕਦੀਆਂ ਹਨ, ਜਿਵੇਂ ਕਿ ਵ੍ਹੀਲਚੇਅਰ ਦੀ ਵਰਤੋਂ ਕਰਨ ਵਾਲੇ ਬੱਚੇ ਲਈ ਰੈਂਪ ਨਾ ਹੋਣਾ ਜਾਂ ਅਜਿਹੀ ਅਕੋਮੋਡੇਸ਼ਨ ਜਾਂ ਸੇਵਾਵਾਂ ਪ੍ਰਦਾਨ ਕਰਨ ਵਿੱਚ ਡਿਸਟ੍ਰਿਕਟ ਦੀ ਅਸਫਲਤਾ ਜੋ ਵਿਦਿਆਰਥੀ ਦੀ 504 ਯੋਜਨਾ ਵਿੱਚ ਸ਼ਾਮਲ ਹਨ ਜਾਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ।

ਨਾਗਰਿਕ ਅਧਿਕਾਰਾਂ ਸੰਬੰਧੀ ਸ਼ਿਕਾਇਤ ਦੀਆਂ ਕੀ ਲੋੜਾਂ ਹਨ?

ਨਾਗਰਿਕ ਅਧਿਕਾਰਾਂ ਸੰਬੰਧੀ ਸ਼ਿਕਾਇਤ ਵਿਤਕਰਾ ਹੋਣ ਦੀ ਮਿਤੀ ਤੋਂ 180 ਕੈਲੰਡਰ ਦਿਨਾਂ (6 ਮਹੀਨੇ) ਦੇ ਅੰਦਰ ਦਰਜ ਕੀਤੀ ਜਾਣੀ ਚਾਹੀਦੀ ਹੈ। ਸ਼ਿਕਾਇਤ ਵਿੱਚ ਇਹ ਚੀਜ਼ਾਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ:

         ਸ਼ਿਕਾਇਤ ਦਰਜ ਕਰਵਾਉਣ ਵਾਲੇ ਵਿਅਕਤੀ ਦਾ ਨਾਮ, ਪਤਾ ਅਤੇ ਫ਼ੋਨ ਨੰਬਰ

         ਉਸ ਵਿਅਕਤੀ(ਆਂ) ਦਾ ਨਾਮ, ਪਤਾ ਅਤੇ ਫ਼ੋਨ ਨੰਬਰ ਜਿਹਨਾਂ ਨਾਲ ਵਿਤਕਰਾ ਹੋਇਆ ਸੀ

         ਵਿਤਕਰਾ ਕਰਨ ਵਾਲੇ ਸਕੂਲ, ਡਿਸਟ੍ਰਿਕਟ ਜਾਂ ਵਿਅਕਤੀ ਦਾ ਨਾਮ ਅਤੇ ਪਤਾ

         ਵਿਤਕਰੇ ਦਾ ਆਧਾਰ (ਜਾਤ, ਅਪਾਹਜਤਾ, ਰਾਸ਼ਟਰੀ ਮੂਲ, ਆਦਿ)

         ਵਿਤਕਰਾ ਦੀ ਘਟਨਾ ਕਦੋਂ ਅਤੇ ਕਿੱਥੇ ਵਾਪਰੀ ਸੀ

         ਵਿਤਕਰੇ ਬਾਰੇ ਤੱਥ ਅਤੇ

         ਸ਼ਿਕਾਇਤ ਦਾ ਸਮਰਥਨ ਕਰਨ ਵਾਲੀ ਲਿਖਤੀ ਸਮੱਗਰੀ, ਡਾਟਾ ਜਾਂ ਹੋਰ ਦਸਤਾਵੇਜ਼ਾਂ ਦੀਆਂ ਕਾਪੀਆਂ।

OCR ਨਾਗਰਿਕ ਅਧਿਕਾਰਾਂ ਸੰਬੰਧੀ ਸ਼ਿਕਾਇਤ ਕਿੱਥੇ ਦਰਜ ਕਰਵਾਉਣੀ ਪੈਂਦੀ ਹੈ?

OCR ਕੋਲ ਸ਼ਿਕਾਇਤ ਦਰਜ ਕਰਨ ਲਈ, ਤੁਸੀਂ ਇੱਥੇ ਮੌਜੂਦ ਇਲੈਕਟ੍ਰਾਨਿਕ ਸ਼ਿਕਾਇਤ ਫਾਰਮ ਦੀ ਵਰਤੋਂ ਕਰ ਸਕਦੇ ਹੋ: https://www2.ed.gov/about/offices/list/ocr/complaintintro.html

ਜਾਂ ਇੱਥੇ ਭਰਨ ਵਾਲਾ ਫਾਰਮ ਭਰ ਸਕਦੇ ਹੋ: https://www2.ed.gov/about/offices/list/ocr/complaintform.pdf

ਭਾਵੇਂ ਤੁਸੀਂ ਭਰਨ ਵਾਲੇ ਫਾਰਮ ਨੂੰ ਭਰਨ ਦੀ ਚੋਣ ਕਰਦੇ ਹੋ ਜਾਂ ਖੁਦ ਪੱਤਰ ਲਿਖਦੇ ਹੋ, ਤੁਸੀਂ OCR.Seattle@ed.gov 'ਤੇ ਈਮੇਲ ਰਾਹੀਂ ਜਾਂ (206)607-1601 'ਤੇ ਫੈਕਸ ਰਾਹੀਂ ਆਪਣੀ ਸ਼ਿਕਾਇਤ ਭੇਜ ਸਕਦੇ ਹੋ। ਤੁਸੀਂ ਆਪਣੀ ਸ਼ਿਕਾਇਤ ਡਾਕ ਰਾਹੀਂ ਵੀ ਭੇਜ ਸਕਦੇ ਹੋ:

Office for Civil Rights

U.S. Department of Education

915 2nd Avenue #3310

Seattle, WA 981074-1099.

ਨਾਗਰਿਕ ਅਧਿਕਾਰਾਂ ਸੰਬੰਧੀ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਕੀ ਹੁੰਦਾ ਹੈ?

OCR ਵੱਲੋਂ ਸ਼ਿਕਾਇਤ ਵਿੱਚ ਦਿੱਤੀ ਜਾਣਕਾਰੀ ਦੀ ਸਮੀਖਿਆ ਕੀਤੀ ਜਾਂਦੀ ਹੈ ਅਤੇ ਉਹ ਫੈਸਲਾ ਕਰਦੇ ਹਨ ਕਿ ਸ਼ਿਕਾਇਤ ਉੱਤੇ ਅੱਗੇ ਕਾਰਵਾਈ ਕੀਤੀ ਜਾਵੇਗੀ ਜਾਂ ਨਹੀਂ। ਉਹਨਾਂ ਨੂੰ ਇਹ ਨਿਰਧਾਰਤ ਕਰਨਾ ਪਵੇਗਾ ਕਿ ਕੀ ਉਹਨਾਂ ਕੋਲ ਸ਼ਿਕਾਇਤ ਦੀ ਜਾਂਚ ਕਰਨ ਦਾ ਅਧਿਕਾਰ ਹੈ ਅਤੇ ਕੀ ਸ਼ਿਕਾਇਤ ਨਿਸ਼ਚਿਤ ਸਮੇਂ-ਸੀਮਾ ਦੇ ਅੰਦਰ ਦਰਜ ਕੀਤੀ ਗਈ ਹੈ। ਕਥਿਤ ਵਿਤਕਰੇ ਦੀ ਘਟਨਾ ਵਾਪਰਨ ਦੀ ਮਿਤੀ ਤੋਂ 180 ਦਿਨਾਂ ਦੇ ਅੰਦਰ ਸ਼ਿਕਾਇਤ ਦਰਜ ਕਰਵਾਈ ਜਾਣੀ ਚਾਹੀਦੀ ਹੈ।

ਪ੍ਰਕਿਰਿਆ ਦੇ ਹਿੱਸੇ ਵਜੋਂ OCR ਤੁਹਾਨੂੰ ਇੱਕ ਸਹਿਮਤੀ ਫਾਰਮ 'ਤੇ ਦਸਤਖਤ ਕਰਨ ਲਈ ਕਹੇਗਾ। ਜੇਕਰ ਤੁਹਾਨੂੰ ਦਸਤਖਤ ਕਰਨ ਲਈ ਕਹੇ ਜਾਣ ਤੋਂ ਬਾਅਦ 15ਵੇਂ ਦਿਨ ਤੱਕ ਫਾਰਮ ਵਾਪਸ ਪ੍ਰਾਪਤ ਨਹੀਂ ਹੁੰਦਾ ਹੈ, ਤਾਂ OCR ਤੁਹਾਨੂੰ ਈਮੇਲ ਜਾਂ ਫ਼ੋਨ ਰਾਹੀਂ ਸੰਪਰਕ ਕਰੇਗਾ ਅਤੇ ਤੁਹਾਨੂੰ ਸੂਚਿਤ ਕਰੇਗਾ ਕਿ ਤੁਹਾਡੇ ਕੋਲ ਫਾਰਮ 'ਤੇ ਦਸਤਖਤ ਕਰਨ ਲਈ 5 ਦਿਨ ਹੋਰ ਹਨ। ਤੁਹਾਨੂੰ ਵਾਧੂ ਜਾਣਕਾਰੀ ਪ੍ਰਦਾਨ ਕਰਨ ਲਈ ਵੀ ਕਿਹਾ ਜਾ ਸਕਦਾ ਹੈ। ਜੇਕਰ ਹੋਰ ਜਾਣਕਾਰੀ ਦੀ ਲੋੜ ਪੈਂਦੀ ਹੈ, ਤਾਂ OCR ਬੇਨਤੀ ਕੀਤੀ ਜਾਣਕਾਰੀ ਪ੍ਰਦਾਨ ਕਰਨ ਲਈ ਤੁਹਾਨੂੰ ਘੱਟੋ-ਘੱਟ 20 ਦਿਨਾਂ ਦਾ ਸਮਾਂ ਦੇਵੇਗਾ

OCR ਵੱਲੋਂ ਜਾਂਚ ਪੂਰੀ ਹੋਣ ਤੋਂ ਬਾਅਦ, ਤੁਹਾਨੂੰ ਅਤੇ ਡਿਸਟ੍ਰਿਕਟ ਦੋਵਾਂ ਨੂੰ ਇੱਕ ਨਤੀਜਾ ਪੱਤਰ ਪ੍ਰਾਪਤ ਹੋਵੇਗਾ ਜਿਸ ਵਿੱਚ ਦੱਸਿਆ ਹੋਵੇਗਾ ਕਿ ਕੀ ਸਬੂਤ ਇਸ ਗੱਲ ਦਾ ਸਮਰਥਨ ਕਰਦੇ ਹਨ ਕਿ ਉਲੰਘਣਾ ਹੋਈ ਹੈ। ਜੇਕਰ OCR ਇਹ ਨਿਰਧਾਰਤ ਕਰਦਾ ਹੈ ਕਿ ਡਿਸਟ੍ਰਿਕਟ ਨੇ ਕਾਨੂੰਨ ਦੀ ਪਾਲਣਾ ਨਹੀਂ ਕੀਤੀ ਹੈ, ਤਾਂ ਉਹ ਡਿਸਟ੍ਰਿਕਟ ਨਾਲ ਸੰਪਰਕ ਕਰਕੇ ਪੁੱਛਣਗੇ ਕਿ ਕੀ ਉਹ ਸਵੈ-ਇੱਛਾ ਨਾਲ ਹੱਲ ਸੰਬੰਧੀ ਸਮਝੌਤਾ ਕਰਨ ਲਈ ਤਿਆਰ ਹਨ। ਜੇਕਰ ਡਿਸਟ੍ਰਿਕਟ ਸਮੱਸਿਆ ਨੂੰ ਹੱਲ ਕਰਨ ਲਈ ਸਹਿਮਤ ਨਹੀਂ ਹੁੰਦੀ ਹੈ, ਤਾਂ OCR ਅਗਲੀ ਕਾਰਵਾਈ ਕਰ ਸਕਦਾ ਹੈ ਜਿਵੇਂ ਕਿ ਕੇਸ ਨੂੰ Department of Justice (ਡਿਪਾਰਟਮੈਂਟ ਆਫ ਜਸਟਿਸ) ਕੋਲ ਭੇਜਣਾ।  

ਜੇਕਰ ਤੁਹਾਨੂੰ ਲੱਗਦਾ ਹੈ ਕਿ ਕੋਈ ਡਿਸਟ੍ਰਿਕਟ ਵਿਦਿਆਰਥੀ ਦੇ ਸਿੱਖਿਆ ਦੇ ਉਚਿਤ ਅਨੁਭਵ ਦੇ ਅਧਿਕਾਰ ਦੀ ਉਲੰਘਣਾ ਕਰ ਰਹੀ ਹੈ, ਤਾਂ ਤੁਸੀਂ ਸ਼ਿਕਾਇਤ ਦਰਜ ਕਰਨ ਬਾਰੇ ਵਿਚਾਰ ਕਰ ਸਕਦੇ ਹੋ।

ਸਾਲਸੀ

ਸਾਲਸੀ ਕੀ ਹੁੰਦੀ ਹੈ?

ਸਾਲਸੀ ਵਿਵਾਦ ਦਾ ਨਿਪਟਾਰਾ ਕਰਨ ਦੀ ਇੱਕ ਕਿਸਮ ਹੈ। IDEA ਦੇ ਤਹਿਤ, ਵਿਦਿਆਰਥੀ ਦੇ ਵਿਸ਼ੇਸ਼ ਸਿੱਖਿਆ ਪ੍ਰੋਗਰਾਮ ਸੰਬੰਧੀ ਵਿਵਾਦਾਂ ਨੂੰ ਸੁਲਝਾਉਣ ਦੇ ਲਈ ਰਾਜਾਂ ਨੂੰ ਮਾਪਿਆਂ/ਸਰਪ੍ਰਸਤਾਂ ਅਤੇ ਸਕੂਲ ਡਿਸਟ੍ਰਿਕਟ ਨੂੰ ਮੁਫ਼ਤ ਸਾਲਸੀ ਸੇਵਾਵਾਂ ਪ੍ਰਦਾਨ ਕਰਨ ਦੀ ਲੋੜ ਪੈਂਦੀ ਹੈ।

ਸਾਲਸੀ ਦੀ ਪ੍ਰਕਿਰਿਆ ਵਿੱਚ ਸਕੂਲ ਅਤੇ ਮਾਤਾ-ਪਿਤਾ ਜਾਂ ਸਰਪ੍ਰਸਤ ਦੇ ਪੱਖ ਨੂੰ ਇੱਕ ਨਿਰਪੱਖ ਤੀਜੇ ਵਿਅਕਤੀ—ਯਾਨੀ ਕਿ ਸਾਲਸ ਦੇ ਸਾਹਮਣੇ ਰੱਖਿਆ ਜਾਂਦਾ ਹੈ। ਸਾਲਸ, ਵਿਦਿਆਰਥੀ ਦੀਆਂ ਸਿੱਖਿਆ ਦੀਆਂ ਲੋੜਾਂ ਬਾਰੇ ਇੱਕ ਸਵੀਕਾਰਯੋਗ ਸਮਝੌਤੇ 'ਤੇ ਪਹੁੰਚਣ ਦੀ ਕੋਸ਼ਿਸ਼ ਕਰਨ ਲਈ ਦੋਵਾਂ ਧਿਰਾਂ ਨਾਲ ਮਿਲਦਾ ਹੈ। ਇਹ ਪ੍ਰਕਿਰਿਆ ਸਵੈਇੱਛਤ ਹੈ, ਇਸ ਲਈ ਮਾਤਾ-ਪਿਤਾ ਜਾਂ ਸਰਪ੍ਰਸਤ ਅਤੇ ਸਕੂਲ ਡਿਸਟ੍ਰਿਕਟ, ਦੋਵਾਂ ਨੂੰ ਭਾਗ ਲੈਣ ਲਈ ਸਹਿਮਤ ਹੋਣਾ ਪਵੇਗਾ। ਸਾਲਸੀ ਦੀ ਪ੍ਰਕਿਰਿਆ ਕਿਸੇ ਵਿਦਿਆਰਥੀ ਲਈ ਸੇਵਾਵਾਂ ਨੂੰ ਬਿਹਤਰ ਬਣਾਉਣ, ਵਿਵਾਦ ਦਾ ਨਿਪਟਾਰਾ ਕਰਨ ਅਤੇ ਸਕੂਲ ਅਤੇ ਮਾਤਾ-ਪਿਤਾ ਜਾਂ ਸਰਪ੍ਰਸਤ ਵਿਚਕਾਰ ਸਬੰਧਾਂ ਨੂੰ ਸੁਧਾਰਨ ਦਾ ਵਧੀਆ ਤਰੀਕਾ ਹੋ ਸਕਦਾ ਹੈ।

ਜੇਕਰ ਸਾਲਸੀ ਸਫਲ ਰਹਿੰਦੀ ਹੈ, ਤਾਂ ਦੋਵੇਂ ਧਿਰਾਂ ਕਾਨੂੰਨੀ ਤੌਰ 'ਤੇ ਬਾਈਡਿੰਗ ਸਮਝੌਤੇ 'ਤੇ ਦਸਤਖਤ ਕਰਨਗੀਆਂ, ਜਿਸ ਵਿੱਚ ਸਮੱਸਿਆ ਨੂੰ ਹੱਲ ਕਰਨ ਦੇ ਤਰੀਕੇ ਦਾ ਵਰਣਨ ਹੁੰਦਾ ਹੈ। ਸਮਝੌਤੇ ਦੀਆਂ ਸ਼ਰਤਾਂ ਦੀ ਪਾਲਣਾ ਕਰਨਾ ਸਕੂਲ ਅਤੇ ਮਾਤਾ-ਪਿਤਾ ਜਾਂ ਸਰਪ੍ਰਸਤ 'ਤੇ ਨਿਰਭਰ ਕਰਦਾ ਹੈ। ਇੱਕ ਵਾਰ ਸਾਲਸੀ ਦਾ ਸਮਝੌਤਾ ਹੋ ਜਾਣ ਤੋਂ ਬਾਅਦ, ਸਾਲਸ ਉਸ ਸਥਿਤੀ ਵਿੱਚੋਂ ਬਾਹਰ ਨਿਕਲ ਜਾਂਦਾ ਹੈ ਅਤੇ ਉਸ ਦੇ ਕੋਲ ਕਿਸੇ ਵੀ ਪੱਖ ਨੂੰ ਕੁਝ ਵੀ ਕਰਨ ਲਈ ਮਜਬੂਰ ਕਰਨ ਦੀ ਕੋਈ ਤਾਕਤ ਨਹੀਂ ਰਹਿੰਦੀ ਹੈ। ਜੇਕਰ ਸਾਲਸੀ ਦੇ ਸਮਝੌਤੇ ਬਾਰੇ ਕੋਈ ਵਿਵਾਦ ਖੜ੍ਹਾ ਹੋ ਜਾਂਦਾ ਹੈ, ਤਾਂ ਮਾਤਾ-ਪਿਤਾ ਜਾਂ ਸਰਪ੍ਰਸਤ, ਰਾਜ ਜਾਂ ਸੰਘ ਦੀ ਅਦਾਲਤ ਵਿੱਚ ਉਸਨੂੰ ਲਾਗੂ ਕਰਨ ਦੀ ਮੰਗ ਕਰ ਸਕਦੇ ਹਨ। ਜੇਕਰ ਕੋਈ ਨਵਾਂ ਜਾਂ ਵੱਖਰਾ ਵਿਵਾਦ ਪੈਦਾ ਹੁੰਦਾ ਹੈ, ਤਾਂ ਮਾਤਾ-ਪਿਤਾ ਜਾਂ ਸਰਪ੍ਰਸਤ ਜਾਂ ਡਿਸਟ੍ਰਿਕਟ ਵੱਲੋਂ ਕਾਨੂੰਨ ਅਧੀਨ ਉਪਲਬਧ ਵਿਵਾਦ ਦਾ ਨਿਪਟਾਰਾ ਕਰਨ ਵਾਲੇ ਸਾਰੇ ਤਰੀਕਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਸਾਲਸੀ ਲਈ ਬੇਨਤੀਆਂ Sound Options ਨੂੰ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਤੁਸੀਂ ਆਪਣੀ ਬੇਨਤੀ ਲਿਖਤੀ ਰੂਪ ਵਿੱਚ ਜਾਂ ਟੈਲੀਫ਼ੋਨ ਰਾਹੀਂ ਕਰ ਸਕਦੇ ਹੋ। ਕੋਈ ਵੀ ਧਿਰ Sound Options ਨਾਲ ਸੰਪਰਕ ਕਰ ਸਕਦੀ ਹੈ ਅਤੇ ਫਿਰ ਉਹ ਦੂਜੀ ਧਿਰ ਨਾਲ ਸੰਪਰਕ ਕਰਨਗੇ। ਤੁਸੀਂ 1-800-692-2540 'ਤੇ Sound Options ਨਾਲ ਸੰਪਰਕ ਕਰ ਸਕਦੇ ਹੋ।

ਵਕਾਲਤ ਸੰਬੰਧੀ ਸੁਝਾਅ

ਸਾਲਸੀ ਵਿੱਚ ਹਿੱਸਾ ਲੈਣ ਲਈ ਸਹਿਮਤ ਹੋਣ ਦਾ ਇਹ ਮਤਲਬ ਨਹੀਂ ਹੈ ਕਿ ਤੁਹਾਨੂੰ ਬਾਅਦ ਵਿੱਚ ਇੱਕ ਨਿਰਪੱਖ ਸੁਣਵਾਈ ਵਾਸਤੇ ਬੇਨਤੀ ਕਰਨ ਤੋਂ ਰੋਕਿਆ ਜਾਵੇਗਾ। ਤੁਸੀਂ ਕਿਸੇ ਵੀ ਸਮੇਂ ਸਾਲਸੀ ਦੀ ਪ੍ਰਕਿਰਿਆ ਨੂੰ ਰੋਕ ਸਕਦੇ ਹੋ ਅਤੇ ਫਿਰ ਵੀ ਇੱਕ ਨਿਰਪੱਖ ਸੁਣਵਾਈ ਦੀ ਮੰਗ ਕਰ ਸਕਦੇ ਹੋ। ਇਸ ਵਿੱਚ ਬਸ ਇੱਕ ਸੀਮਾ ਇਹ ਹੈ ਕਿ ਸਾਲਸੀ ਪ੍ਰਕਿਰਿਆ ਵਿੱਚ ਹੋਈ ਗੱਲਬਾਤ ਨੂੰ ਬਾਅਦ ਵਿੱਚ ਕੀਤੀ ਜਾਣ ਵਾਲੀ ਨਿਰਪੱਖ ਸੁਣਵਾਈ ਵਿੱਚ ਸਬੂਤ ਵਜੋਂ ਵਰਤਿਆ ਨਹੀਂ ਜਾ ਸਕਦਾ। ਹਾਲਾਂਕਿ, ਲਿਖਤੀ ਸਾਲਸੀ ਸਮਝੌਤੇ ਨੂੰ ਸਬੂਤ ਵਜੋਂ ਵਰਤਿਆ ਜਾ ਸਕਦਾ ਹੈ।

ਨਿਰਪੱਖ ਸੁਣਵਾਈ

ਨਿਰਪੱਖ ਸੁਣਵਾਈ ਕੀ ਹੁੰਦੀ ਹੈ?

ਨਿਰਪੱਖ ਸੁਣਵਾਈ ਇੱਕ ਰਸਮੀ ਪ੍ਰਸ਼ਾਸਕੀ ਕਾਰਵਾਈ ਹੈ, ਜੋ ਇੱਕ ਮੁਕੱਦਮੇ ਦੀ ਤਰ੍ਹਾਂ ਹੁੰਦੀ ਹੈ। ਮਾਤਾ-ਪਿਤਾ ਜਾਂ ਸਰਪ੍ਰਸਤ ਅਤੇ ਸਕੂਲ ਡਿਸਟ੍ਰਿਕਟ, ਹਰ ਇੱਕ ਨੂੰ ਸਬੂਤ ਅਤੇ ਗਵਾਹ ਪੇਸ਼ ਕਰਨ ਅਤੇ ਵਿਰੋਧੀ ਧਿਰ ਦੁਆਰਾ ਪੇਸ਼ ਕੀਤੇ ਗਏ ਗਵਾਹਾਂ ਤੋਂ ਸਵਾਲ ਪੁੱਛ ਦਾ ਮੌਕਾ ਦਿੱਤਾ ਜਾਂਦਾ ਹੈ।

ਸੁਣਵਾਈ ਕਰਨ ਵਾਲਾ ਅਧਿਕਾਰੀ ਤੱਥਾਂ ਅਤੇ ਕਾਨੂੰਨ ਦੇ ਆਧਾਰ 'ਤੇ ਆਪਣਾ ਲਿਖਤੀ ਫੈਸਲਾ ਦਿੰਦਾ ਹੈ।

ਕੀ ਮੈਨੂੰ ਨਿਰਪੱਖ ਸੁਣਵਾਈ ਦੇ ਲਈ ਵਕੀਲ ਦੀ ਲੋੜ ਪਵੇਗੀ?

ਨਹੀਂ, ਪਰ ਜੇ ਤੁਸੀਂ ਚਾਹੋ ਤਾਂ ਤੁਹਾਡੇ ਕੋਲ ਵਕੀਲ ਦੁਆਰਾ ਆਪਣੀ ਨੁਮਾਇੰਦਗੀ ਕਰਵਾਉਣ ਦਾ ਅਧਿਕਾਰ ਹੈ।

ਕਿਸੇ ਅਪਾਹਜ ਵਿਦਿਆਰਥੀ ਦੇ ਮਾਤਾ-ਪਿਤਾ ਜਾਂ ਸਰਪ੍ਰਸਤ ਨੂੰ ਨਿਰਪੱਖ ਸੁਣਵਾਈ ਲਈ ਵਕੀਲ ਦੁਆਰਾ ਸਲਾਹ ਦਿੱਤੀ ਜਾ ਸਕਦੀ ਹੈ ਜਾਂ ਨੁਮਾਇੰਦਗੀ ਕੀਤੀ ਜਾ ਸਕਦੀ ਹੈ। ਇਸ ਪ੍ਰਕਿਰਿਆ ਲਈ ਵਕੀਲ ਦੀ ਲੋੜ ਨਹੀਂ ਪੈਂਦੀ ਹੈ ਅਤੇ ਤੁਸੀਂ ਵਕੀਲ ਤੋਂ ਬਿਨਾਂ ਵੀ ਸੁਣਵਾਈ ਵਿੱਚ ਸਫਲਤਾ ਹਾਸਲ ਕਰ ਸਕਦੇ ਹੋ। ਅਕਸਰ, ਸੁਣਵਾਈ ਵਾਸਤੇ ਬੇਨਤੀ ਕਰਨ ਅਤੇ ਤਿਆਰੀ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਕਿਸੇ ਵਕੀਲ ਜਾਂ ਕਿਸੇ ਹੋਰ ਜਾਣਕਾਰ ਵਿਅਕਤੀ ਨਾਲ ਸਲਾਹ-ਮਸ਼ਵਰਾ ਕਰਨਾ ਇੱਕ ਚੰਗਾ ਵਿਚਾਰ ਹੁੰਦਾ ਹੈ।

ਮੈਂ ਨਿਰਪੱਖ ਸੁਣਵਾਈ ਦੇ ਲਈ ਬੇਨਤੀ ਕਿਵੇਂ ਕਰਾਂ?

Office of Administrative Hearings (ਪ੍ਰਸ਼ਾਸਕੀ ਕਾਰਵਾਈ ਦੇ ਦਫ਼ਤਰ) ਨੂੰ ਲਿਖਤੀ ਰੂਪ ਵਿੱਚ ਬੇਨਤੀ ਕਰੋ ਅਤੇ ਸਕੂਲ ਡਿਸਟ੍ਰਿਕਟ ਨੂੰ ਸੂਚਿਤ ਕਰੋ।

ਨਿਰਪੱਖ ਸੁਣਵਾਈ ਲਈ ਬੇਨਤੀ ਲਿਖਤੀ ਰੂਪ ਵਿੱਚ ਕੀਤੀ ਜਾਣੀ ਚਾਹੀਦੀ ਹੈ ਅਤੇ ਇਸ ਵਿੱਚ ਹੇਠ ਲਿਖੀ ਜਾਣਕਾਰੀ ਸ਼ਾਮਲ ਹੋਣੀ ਚਾਹੀਦੀ ਹੈ:

  • ਵਿਦਿਆਰਥੀ ਦਾ ਨਾਮ ਅਤੇ ਪਤਾ
  • ਡਿਸਟ੍ਰਿਕਟ ਅਤੇ ਸਕੂਲ ਦਾ ਨਾਮ ਜਿੱਥੇ ਵਿਦਿਆਰਥੀ ਪੜ੍ਹਦਾ ਹੈ
  • ਵਿਸ਼ੇਸ਼ ਸਿੱਖਿਆ ਸੇਵਾਵਾਂ ਪ੍ਰਦਾਨ ਕਰਨ ਲਈ ਜ਼ਿੰਮੇਵਾਰ ਡਿਸਟ੍ਰਿਕਟ ਦਾ ਨਾਮ, ਜੇਕਰ ਉਹ ਉਸ ਡਿਸਟ੍ਰਿਕਟ ਤੋਂ ਅਲੱਗ ਹੈ ਜਿੱਥੇ ਵਿਦਿਆਰਥੀ ਪੜ੍ਹਦਾ ਹੈ
  • ਮਾਤਾ-ਪਿਤਾ ਦੀਆਂ ਚਿੰਤਾਵਾਂ ਬਾਰੇ ਜਾਣਕਾਰੀ
  • ਸਮੱਸਿਆ ਨੂੰ ਹੱਲ ਕਰਨ ਲਈ ਤੁਹਾਡੇ ਸੁਝਾਅ।

ਆਪਣੀ ਸੁਣਵਾਈ ਦੀ ਬੇਨਤੀ ਦੀ ਇੱਕ ਕਾਪੀ ਡਾਕ ਰਾਹੀਂ ਭੇਜੋ ਜਾਂ ਇੱਥੇ ਪਹੁੰਚਾਓ:

Office of Administrative Hearings

P.O. Box 42489

Olympia, WA 98504

ਤੁਹਾਨੂੰ ਸੁਣਵਾਈ ਦੀ ਬੇਨਤੀ ਦੀ ਅਸਲ ਕਾਪੀ ਸਕੂਲ ਡਿਸਟ੍ਰਿਕਟ ਨੂੰ ਵੀ ਪ੍ਰਦਾਨ ਕਰਨੀ ਪਵੇਗੀ, ਜੋ ਤੁਸੀਂ ਸਕੂਲ ਡਿਸਟ੍ਰਿਕਟ ਦੇ ਸੁਪਰੀਟੈਨਡੈਂਟ ਕੋਲ ਪਹੁੰਚਾ ਸਕਦੇ ਹੋ ਜਾਂ ਡਾਕ ਰਾਹੀਂ ਭੇਜ ਸਕਦੇ ਹੋ। ਆਪਣੇ ਲਈ ਇੱਕ ਕਾਪੀ ਰੱਖਣਾ ਨਾ ਭੁੱਲੋ!

OSPI ਨੇ ਨਿਰਪੱਖ ਸੁਣਵਾਈ ਦੀ ਬੇਨਤੀ ਕਰਨ ਵਾਸਤੇ ਮਾਪਿਆਂ ਦੀ ਮਦਦ ਕਰਨ ਲਈ ਇੱਕ ਨਿਰਪੱਖ ਸੁਣਵਾਈ ਦੀ ਬੇਨਤੀ ਲਈ ਫਾਰਮ ਤਿਆਰ ਕੀਤਾ ਹੈ। ਫਾਰਮ ਇੱਥੇ ਉਪਲਬਧ ਹੈ: https://ospi.k12.wa.us/student-success/special-education/dispute-resolution/request-due-process-hearing

ਸੁਣਵਾਈ ਦੀ ਬੇਨਤੀ ਦੀਆਂ ਕੀ ਸੀਮਾਵਾਂ ਹਨ?

ਸੁਣਵਾਈ ਦੀ ਬੇਨਤੀ ਵਿੱਚ ਪਿਛਲੇ ਦੋ ਸਾਲਾਂ ਦੌਰਾਨ ਹੋਈ ਉਲੰਘਣਾ ਜਾਂ ਸਮੱਸਿਆ ਨੂੰ ਬਿਆਨ ਕਰਨਾ ਲਾਜ਼ਮੀ ਹੈ। ਜੇਕਰ ਹੇਠ ਲਿਖੀਆਂ ਦੋ ਸ਼ਰਤਾਂ ਵਿੱਚੋਂ ਕੋਈ ਇੱਕ ਸ਼ਰਤ ਵੀ ਪੂਰੀ ਹੁੰਦੀ ਹੈ ਨਿਰਪੱਖ ਸੁਣਵਾਈ ਦੀ ਬੇਨਤੀ ਵਿੱਚ ਦੋ ਸਾਲ ਤੋਂ ਵੱਧ ਪੁਰਾਣੀ ਉਲੰਘਣਾ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ:

  1. ਮਾਤਾ-ਪਿਤਾ ਨੂੰ ਦੋ ਸਾਲਾਂ ਦੇ ਵਿੱਚ-ਵਿੱਚ ਨਿਰਪੱਖ ਸੁਣਵਾਈ ਵਾਸਤੇ ਬੇਨਤੀ ਕਰਨ ਤੋਂ ਰੋਕਿਆ ਗਿਆ ਸੀ ਕਿਉਂਕਿ ਸਕੂਲ ਡਿਸਟ੍ਰਿਕਟ ਨੇ ਗਲਤ ਜਾਣਕਾਰੀ ਦਿੱਤੀ ਸੀ ਕਿ ਉਹਨਾਂ ਨੇ ਸਮੱਸਿਆ ਹੱਲ ਕਰ ਦਿੱਤੀ ਹੈ

ਜਾਂ

  1. ਮਾਤਾ-ਪਿਤਾ ਨੂੰ ਦੋ ਸਾਲਾਂ ਦੇ ਵਿੱਚ-ਵਿੱਚ ਨਿਰਪੱਖ ਸੁਣਵਾਈ ਵਾਸਤੇ ਬੇਨਤੀ ਕਰਨ ਤੋਂ ਰੋਕਿਆ ਗਿਆ ਸੀ ਕਿਉਂਕਿ ਸਕੂਲ ਡਿਸਟ੍ਰਿਕਟ ਨੇ ਉਹ ਜਾਣਕਾਰੀ ਸਾਂਝੀ ਨਹੀਂ ਕੀਤੀ ਸੀ ਜੋ ਕਾਨੂੰਨ ਦੇ ਅਧੀਨ ਉਹਨਾਂ ਨੂੰ ਸਾਂਝੀ ਕਰਨੀ ਚਾਹੀਦੀ ਸੀ।

ਸੁਣਵਾਈ ਦੀ ਬੇਨਤੀ ਵਿੱਚ ਮਾਤਾ-ਪਿਤਾ ਦੀਆਂ ਸਾਰੀਆਂ ਸੰਭਾਵੀ ਸਮੱਸਿਆਵਾਂ ਅਤੇ ਚਿੰਤਾਵਾਂ ਬਾਰੇ ਚਰਚਾ ਕਰਨਾ ਬਹੁਤ ਮਹੱਤਵਪੂਰਨ ਹੈ। ਇੱਕ ਵਾਰ ਬੇਨਤੀ ਪ੍ਰਾਪਤ ਹੋਣ ਤੋਂ ਬਾਅਦ, ਇਸ ਨੂੰ ਸਿਰਫ਼ ਤਾਂ ਹੀ ਬਦਲਿਆ ਜਾ ਸਕਦਾ ਹੈ ਜੇਕਰ ਸਕੂਲ ਡਿਸਟ੍ਰਿਕਟ ਅਜਿਹਾ ਕਰਨ ਲਈ ਲਿਖਤੀ ਸਹਿਮਤੀ ਪ੍ਰਦਾਨ ਕਰਦੀ ਹੈ ਜਾਂ ਜੇਕਰ ਸੁਣਵਾਈ ਕਰਨ ਵਾਲਾ ਅਧਿਕਾਰੀ ਇਸਨੂੰ ਸੋਧਣ ਦੀ ਇਜਾਜ਼ਤ ਦਿੰਦਾ ਹੈ, ਅਤੇ ਫਿਰ ਹੱਲ ਲੱਭਣ ਵਾਲੇ ਸੈਸ਼ਨ (ਹੇਠਾਂ ਦੇਖੋ) ਲਈ ਸਮੇਂ-ਸੀਮਾ ਮੁੜ-ਸ਼ੁਰੂ ਹੋ ਜਾਂਦੀ ਹੈ

ਇਸ ਤੋਂ ਇਲਾਵਾ, IDEA ਦੇ ਤਹਿਤ, ਸਿਰਫ਼ ਸੁਣਵਾਈ ਦੀ ਬੇਨਤੀ ਜਾਂ ਬੇਨਤੀ ਦੀ ਸੋਧ ਵਿੱਚ ਸ਼ਾਮਲ ਕੀਤੀਆਂ ਸਮੱਸਿਆਵਾਂ ਨੂੰ ਹੀ ਨਿਰਪੱਖ ਸੁਣਵਾਈ ਵਿੱਚ ਹੱਲ ਕੀਤਾ ਜਾ ਸਕਦਾ ਹੈ, ਜਦੋਂ ਤੱਕ ਦੂਜੀ ਧਿਰ ਹੋਰ ਸਮੱਸਿਆਵਾਂ ਨੂੰ ਸ਼ਾਮਲ ਕਰਨ ਲਈ ਸਹਿਮਤ ਨਹੀਂ ਹੁੰਦੀ। ਹਾਲਾਂਕਿ ਤੁਹਾਨੂੰ ਨਿਰਪੱਖ ਸੁਣਵਾਈ ਦੀ ਬੇਨਤੀ ਕਰਨ ਲਈ ਕਿਸੇ ਵਕੀਲ ਦੀ ਲੋੜ ਨਹੀਂ ਹੈ, ਪਰ ਫਿਰ ਵੀ ਨਿਰਪੱਖ ਸੁਣਵਾਈ ਲਈ ਬੇਨਤੀ ਦਾ ਖਰੜਾ ਤਿਆਰ ਕਰਨ ਵੇਲੇ ਕਿਸੇ ਵਕੀਲ ਨਾਲ ਸਲਾਹ-ਮਸ਼ਵਰਾ ਕਰਨਾ ਲਾਭਦਾਇਕ ਸਾਬਤ ਹੋ ਸਕਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਤੁਹਾਡੀਆਂ ਸਾਰੀਆਂ ਚਿੰਤਾਵਾਂ ਨੂੰ ਸਹੀ ਢੰਗ ਨਾਲ ਪੇਸ਼ ਕੀਤਾ ਗਿਆ ਹੈ।

ਮੇਰੇ ਵੱਲੋਂ ਨਿਰਪੱਖ ਸੁਣਵਾਈ ਲਈ ਬੇਨਤੀ ਦਰਜ ਕਰਨ ਤੋਂ ਬਾਅਦ ਕੀ ਹੁੰਦਾ ਹੈ?

ਸਕੂਲ ਡਿਸਟ੍ਰਿਕਟ ਲਈ ਜਵਾਬ ਦੇਣਾ ਲਾਜ਼ਮੀ ਹੈ।

ਮਾਤਾ-ਪਿਤਾ ਦੀ ਸ਼ਿਕਾਇਤ ਪ੍ਰਾਪਤ ਹੋਣ ਦੇ 10 ਕੈਲੰਡਰ ਦਿਨਾਂ ਦੇ ਅੰਦਰ, ਸਕੂਲ ਡਿਸਟ੍ਰਿਕਟ ਨੂੰ ਉਸਦਾ ਜਵਾਬ ਦੇਣਾ ਪਵੇਗਾ। ਸਕੂਲ ਡਿਸਟ੍ਰਿਕਟ ਨੂੰ ਇਹ ਦੱਸਣਾ ਪਵੇਗਾ ਕਿ ਉਹਨਾਂ ਨੇ ਇਹ ਕਾਰਵਾਈ ਕਿਉਂ ਕੀਤੀ ਸੀ, IEP ਟੀਮ ਨੇ ਕਿਹੜੇ ਹੋਰ ਵਿਕਲਪਾਂ ਉੱਤੇ ਵਿਚਾਰ ਕੀਤਾ ਸੀ ਅਤੇ ਉਹਨਾਂ ਨੂੰ ਕਿਉਂ ਅਸਵੀਕਾਰ ਕੀਤਾ ਗਿਆ ਸੀ, ਆਪਣਾ ਫੈਸਲਾ ਲੈਣ ਲਈ ਡਿਸਟ੍ਰਿਕਟ ਨੇ ਕਿਹੜੀ ਜਾਣਕਾਰੀ ਉੱਤੇ ਭਰੋਸਾ ਕੀਤਾ ਸੀ ਅਤੇ ਉਹਨਾਂ ਨੂੰ ਡਿਸਟ੍ਰਿਕਟ ਦੇ ਫੈਸਲੇ ਨਾਲ ਸੰਬੰਧਿਤ ਹੋਰ ਕਾਰਕਾਂ ਬਾਰੇ ਜਾਣਕਾਰੀ ਪ੍ਰਦਾਨ ਕਰਨੀ ਪਵੇਗੀ। ਜੇਕਰ ਸਕੂਲ ਡਿਸਟ੍ਰਿਕਟ ਨੇ ਪਹਿਲਾਂ ਹੀ ਮਾਤਾ-ਪਿਤਾ ਨੂੰ ਸ਼ਿਕਾਇਤ ਦੇ ਵਿਸ਼ੇ ਸੰਬੰਧੀ ਲਿਖਤੀ ਨੋਟਿਸ ਪ੍ਰਦਾਨ ਕਰ ਦਿੱਤਾ ਸੀ, ਤਾਂ ਫਿਰ ਉਹਨਾਂ ਨੂੰ ਜਵਾਬ ਦੇਣ ਦੀ ਲੋੜ ਨਹੀਂ ਹੈ।

ਹੱਲ ਲੱਭਣ ਵਾਲਾ ਸੈਸ਼ਨ ਕੀ ਹੁੰਦਾ ਹੈ?

ਹੱਲ ਲੱਭਣ ਵਾਲਾ ਸੈਸ਼ਨ ਇੱਕ ਮੀਟਿੰਗ ਹੁੰਦੀ ਹੈ ਜੋ ਇੱਕ ਨਿਰਪੱਖ ਸੁਣਵਾਈ ਦੀ ਬੇਨਤੀ ਕਰਨ ਤੋਂ ਬਾਅਦ ਹੁੰਦੀ ਹੈ, ਪਰ ਨਿਰਪੱਖ ਸੁਣਵਾਈ ਤੋਂ ਪਹਿਲਾਂ ਹੁੰਦੀ ਹੈ।

ਮਾਤਾ-ਪਿਤਾ ਕੋਲੋਂ ਨਿਰਪੱਖ ਸੁਣਵਾਈ ਦੀ ਬੇਨਤੀ ਪ੍ਰਾਪਤ ਹੋਣ ਦੇ 15 ਕੈਲੰਡਰ ਦਿਨਾਂ ਦੇ ਅੰਦਰ, ਸਕੂਲ ਡਿਸਟ੍ਰਿਕਟ ਨੂੰ ਮਾਤਾ-ਪਿਤਾ, IEP ਟੀਮ ਦੇ ਸੰਬੰਧਿਤ ਮੈਂਬਰਾਂ ਅਤੇ ਫੈਸਲਾ ਲੈਣ ਲਈ ਅਧਿਕਾਰ ਪ੍ਰਾਪਤ ਸਕੂਲ ਡਿਸਟ੍ਰਿਕਟ ਦੇ ਪ੍ਰਤੀਨਿਧੀ ਨਾਲ ਇੱਕ ਮੀਟਿੰਗ ਕਰਨੀ ਪਵੇਗੀ। ਸਕੂਲ ਡਿਸਟ੍ਰਿਕਟ ਇਸ ਮੀਟਿੰਗ ਵਿੱਚ ਉਦੋਂ ਤੱਕ ਕਿਸੇ ਵਕੀਲ ਨੂੰ ਨਹੀਂ ਲਿਆ ਸਕਦੀ ਜਦੋਂ ਤੱਕ ਮਾਪਿਆਂ ਕੋਲ ਵੀ ਕੋਈ ਵਕੀਲ ਨਹੀਂ ਹੁੰਦਾ ਹੈ। ਇਸ ਮੀਟਿੰਗ ਦਾ ਉਦੇਸ਼ ਸ਼ਿਕਾਇਤ ਬਾਰੇ ਚਰਚਾ ਕਰਨਾ ਅਤੇ ਇਹ ਦੇਖਣਾ ਹੁੰਦਾ ਹੈ ਕਿ ਕੀ ਇਸ ਸਮੱਸਿਆ ਨੂੰ ਨਿਰਪੱਖ ਸੁਣਵਾਈ ਤੋਂ ਬਿਨਾਂ ਹੱਲ ਕੀਤਾ ਜਾ ਸਕਦਾ ਹੈ।

ਜੇਕਰ ਮਾਤਾ-ਪਿਤਾ ਅਤੇ ਸਕੂਲ ਡਿਸਟ੍ਰਿਕਟ ਹੱਲ ਲੱਭਣ ਵਾਲੇ ਸੈਸ਼ਨ ਵਿੱਚ ਕਿਸੇ ਸਮਝੌਤੇ 'ਤੇ ਪਹੁੰਚਦੇ ਹਨ, ਤਾਂ ਉਹਨਾਂ ਨੂੰ ਇੱਕ ਕਾਨੂੰਨੀ ਤੌਰ 'ਤੇ ਬਾਈਡਿੰਗ ਸਮਝੌਤੇ 'ਤੇ ਦਸਤਖਤ ਕਰਨੇ ਪੈਣਗੇ ਜੋ ਅਦਾਲਤ ਵਿੱਚ ਲਾਗੂ ਕੀਤਾ ਜਾ ਸਕਦਾ ਹੈ। ਸਕੂਲ ਡਿਸਟ੍ਰਿਕਟ ਜਾਂ ਮਾਤਾ-ਪਿਤਾ ਕੋਲ ਆਪਣਾ ਮਨ ਬਦਲਣ ਅਤੇ ਸਮਝੌਤੇ ਨੂੰ ਰੱਦ ਕਰਨ ਲਈ 3 ਕਾਰੋਬਾਰੀ ਦਿਨ ਹੁੰਦੇ ਹਨ।

ਹੱਲ ਲੱਭਣ ਵਾਲਾ ਸੈਸ਼ਨ ਜ਼ਰੂਰ ਹੋਣਾ ਚਾਹੀਦਾ ਹੈ, ਜਦੋਂ ਤੱਕ ਕਿ ਮਾਤਾ-ਪਿਤਾ ਅਤੇ ਸਕੂਲ ਡਿਸਟ੍ਰਿਕਟ ਮੀਟਿੰਗ ਨਾ ਕਰਨ ਜਾਂ ਇਸ ਦੀ ਬਜਾਏ ਸਾਲਸੀ ਦੀ ਵਰਤੋਂ ਕਰਨ ਲਈ ਲਿਖਤੀ ਰੂਪ ਵਿੱਚ ਸਹਿਮਤ ਨਹੀਂ ਹੁੰਦੇ ਹਨ।

ਨਿਰਪੱਖ ਸੁਣਵਾਈ ਕਿੰਨੇ ਸਮੇਂ ਤੱਕ ਚਲਦੀ ਹੈ?

ਸਕੂਲ ਡਿਸਟ੍ਰਿਕਟ ਦੇ ਕੋਲ ਸ਼ਿਕਾਇਤ ਪ੍ਰਾਪਤ ਹੋਣ ਦੇ ਸਮੇਂ ਤੋਂ ਲੈ ਕੇ ਹੱਲ ਲੱਭਣ ਵਾਲੀ ਪ੍ਰਕਿਰਿਆ ਰਾਹੀਂ ਮਾਤਾ-ਪਿਤਾ ਦੀ ਸੰਤੁਸ਼ਟੀ ਲਈ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨ ਦੇ ਲਈ 30 ਕੈਲੰਡਰ ਦਿਨ ਹੁੰਦੇ ਹਨ। ਜੇਕਰ ਡਿਸਟ੍ਰਿਕਟ 30 ਕੈਲੰਡਰ ਦਿਨਾਂ ਦੇ ਅੰਦਰ ਅਜਿਹਾ ਨਹੀਂ ਕਰਦੀ ਹੈ, ਤਾਂ ਨਿਰਪੱਖ ਸੁਣਵਾਈ ਦੀ ਸਮੇਂ-ਸੀਮਾ ਸ਼ੁਰੂ ਹੋ ਜਾਂਦੀ ਹੈ। ਸੁਣਵਾਈ 45 ਦਿਨਾਂ ਦੇ ਅੰਦਰ ਕੀਤੀ ਜਾਣੀ ਚਾਹੀਦੀ ਹੈ ਅਤੇ ਫੈਸਲਾ ਲਿਆ ਜਾਣਾ ਚਾਹੀਦਾ ਹੈ।

ਜੇਕਰ ਹੇਠ ਲਿਖੀਆਂ ਘਟਨਾਵਾਂ ਵਿੱਚੋਂ ਕੁਝ ਵੀ ਵਾਪਰਦਾ ਹੈ ਤਾਂ 30 ਕੈਲੰਡਰ ਦਿਨਾਂ ਦੀ ਹੱਲ ਲੱਭਣ ਦੀ ਮਿਆਦ ਨੂੰ ਵਿਵਸਥਿਤ ਕੀਤਾ ਜਾਂਦਾ ਹੈ:

  • ਦੋਵੇਂ ਧਿਰਾਂ ਹੱਲ ਲੱਭਣ ਵਾਲਾ ਸੈਸ਼ਨ ਨਾ ਕਰਨ ਲਈ ਲਿਖਤੀ ਰੂਪ ਵਿੱਚ ਸਹਿਮਤ ਹਨ
  • ਸਾਲਸੀ ਜਾਂ ਹੱਲ ਲੱਭਣ ਵਾਲੇ ਸੈਸ਼ਨ ਤੋਂ ਬਾਅਦ, ਦੋਵੇਂ ਧਿਰਾਂ ਲਿਖਤੀ ਰੂਪ ਵਿੱਚ ਸਹਿਮਤ ਹਨ ਕਿ ਕੋਈ ਸਮਝੌਤਾ ਸੰਭਵ ਨਹੀਂ ਹੈ, ਜਾਂ
  • ਧਿਰਾਂ 30-ਦਿਨਾਂ ਦੇ ਹੱਲ ਲੱਭਣ ਦੇ ਸੈਸ਼ਨ ਦੀ ਮਿਆਦ ਤੋਂ ਬਾਅਦ ਸਾਲਸੀ ਵਿੱਚ ਹਿੱਸਾ ਲੈਣ ਲਈ ਸਹਿਮਤ ਹੋ ਜਾਂਦੀਆਂ ਹਨ ਅਤੇ ਇੱਕ ਧਿਰ ਸਾਲਸੀ ਤੋਂ ਪਿੱਛੇ ਹਟ ਜਾਂਦੀ ਹੈ। ਅਜਿਹੀ ਸਥਿਤੀ ਵਿੱਚ, 45 ਕੈਲੰਡਰ ਦਿਨਾਂ ਦੀ ਸਮੇਂ-ਸੀਮਾ ਤੁਰੰਤ ਸ਼ੁਰੂ ਹੋ ਜਾਂਦੀ ਹੈ।

ਸੁਣਵਾਈ ਕਿੰਨੇ ਸਮੇਂ ਤੱਕ ਚੱਲਦੀ ਹੈ ਇਹ ਇਸ ਗੱਲ 'ਤੇ ਵੀ ਨਿਰਭਰ ਕਰਦਾ ਹੈ ਕਿ ਸਮੱਸਿਆਵਾਂ ਕੀ ਹਨ ਅਤੇ ਹਰੇਕ ਧਿਰ ਨੂੰ ਆਪਣਾ ਕੇਸ ਪੇਸ਼ ਕਰਨ ਵਿੱਚ ਕਿੰਨਾ ਸਮਾਂ ਲੱਗਦਾ ਹੈ।

ਹੱਲ ਲੱਭਣ ਵਾਲਾ ਸੈਸ਼ਨ ਬਹੁਤ ਮਹੱਤਵਪੂਰਨ ਹੈ। ਜੇਕਰ ਮਾਤਾ-ਪਿਤਾ ਹੱਲ ਲੱਭਣ ਵਾਲੇ ਸੈਸ਼ਨ ਵਿੱਚ ਭਾਗ ਲੈਣ ਤੋਂ ਇਨਕਾਰ ਕਰ ਦਿੰਦੇ ਹਨ, ਤਾਂ ਜਦੋਂ ਤੱਕ ਉਹ ਮੀਟਿੰਗ ਨਹੀਂ ਹੁੰਦੀ ਉਦੋਂ ਤੱਕ ਹੱਲ ਲੱਭਣ ਵਾਲੀ ਮੀਟਿੰਗ ਅਤੇ ਨਿਰਪੱਖ ਸੁਣਵਾਈ ਲਈ ਸਮੇਂ-ਸੀਮਾ ਨੂੰ ਮੁਲਤਵੀ ਕਰ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ, ਜੇਕਰ ਮਾਤਾ-ਪਿਤਾ ਹੱਲ ਲੱਭਣ ਵਾਲੇ ਸੈਸ਼ਨ ਵਿੱਚ ਭਾਗ ਲੈਣ ਤੋਂ ਇਨਕਾਰ ਕਰ ਦਿੰਦੇ ਹਨ, ਤਾਂ 30-ਦਿਨਾਂ ਵਿੱਚ ਹੱਲ ਲੱਭਣ ਦੀ ਮਿਆਦ ਸਮਾਪਤ ਹੋਣ ਤੋਂ ਬਾਅਦ ਸਕੂਲ ਡਿਸਟ੍ਰਿਕਟ, ਸੁਣਵਾਈ ਅਧਿਕਾਰੀ ਨੂੰ ਮਾਤਾ-ਪਿਤਾ ਦੀ ਨਿਰਪੱਖ ਸੁਣਵਾਈ ਦੀ ਬੇਨਤੀ ਨੂੰ ਖਾਰਜ ਕਰਨ ਲਈ ਕਹਿ ਸਕਦੀ ਹੈ। ਇਸ ਦੇ ਉਲਟ, ਜੇਕਰ ਸਕੂਲ ਡਿਸਟ੍ਰਿਕਟ ਸੁਣਵਾਈ ਦੀ ਬੇਨਤੀ ਪ੍ਰਾਪਤ ਹੋਣ ਦੇ 15 ਦਿਨਾਂ ਦੇ ਅੰਦਰ ਹੱਲ ਲੱਭਣ ਲਈ ਮੀਟਿੰਗ ਕਰਨ ਵਿੱਚ ਅਸਫਲ ਰਹਿੰਦੀ ਹੈ, ਤਾਂ ਮਾਤਾ-ਪਿਤਾ, ਸੁਣਵਾਈ ਅਧਿਕਾਰੀ ਨੂੰ 45 ਦਿਨਾਂ ਦੀ ਨਿਰਪੱਖ ਸੁਣਵਾਈ ਦੀ ਸਮੇਂ-ਸੀਮਾ ਨੂੰ ਤੁਰੰਤ ਸ਼ੁਰੂ ਕਰਨ ਲਈ ਕਹਿ ਸਕਦੇ ਹਨ।

ਨਿਰਪੱਖ ਸੁਣਵਾਈ ਦੀ ਸਮੇਂ-ਸੀਮਾ

 

ਮਾਤਾ-ਪਿਤਾ ਨੇ ਲਿਖਤੀ ਰੂਪ ਵਿੱਚ ਨਿਰਪੱਖ ਸੁਣਵਾਈ ਦੀ ਬੇਨਤੀ ਕੀਤੀ

ਡਿਸਟ੍ਰਿਕਟ 10 ਕੈਲੰਡਰ ਦਿਨਾਂ ਦੇ ਅੰਦਰ ਜਵਾਬ ਦੇਵੇਗੀ

ਡਿਸਟ੍ਰਿਕਟ 15 ਕੈਲੰਡਰ ਦਿਨਾਂ ਦੇ ਅੰਦਰ ਹੱਲ ਲੱਭਣ ਲਈ ਸੈਸ਼ਨ ਰੱਖਦੀ ਹੈ, ਬਸ਼ਰਤੇ ਲਿਖਤੀ ਰੂਪ ਮਨ੍ਹਾਂ ਨਾ ਕੀਤਾ ਗਿਆ ਹੋਵੇ

ਜੇਕਰ ਹੱਲ ਲੱਭਣ ਵਾਲਾ ਸੈਸ਼ਨ 30 ਕੈਲੰਡਰ ਦਿਨਾਂ ਦੇ ਅੰਦਰ ਸ਼ਿਕਾਇਤ ਦਾ ਨਿਪਟਾਰਾ ਨਹੀਂ ਕਰਦਾ ਹੈ, ਤਾਂ ਇੱਕ ਨਿਰਪੱਖ ਸੁਣਵਾਈ ਅੱਗੇ ਵਧਦੀ ਹੈ ਅਤੇ 45 ਕੈਲੰਡਰ ਦਿਨਾਂ ਦੇ ਅੰਦਰ ਸੁਣਵਾਈ ਦਾ ਫੈਸਲਾ ਕੀਤਾ ਜਾਂਦਾ ਹੈ।

“ਸਟੇ ਪੁੱਟ” ਕੀ ਹੁੰਦਾ ਹੈ? ਜਦੋਂ ਮੈਂ ਸੁਣਵਾਈ ਲਈ ਬੇਨਤੀ ਕਰਦਾ/ਕਰਦੀ ਹਾਂ ਤਾਂ ਮੇਰਾ ਵਿਦਿਆਰਥੀ ਕਿਹੜੇ ਸਕੂਲ ਵਿੱਚ ਪੜ੍ਹੇਗਾ?

ਸਟੇ ਪੁੱਟ  ਇੱਕ ਸ਼ਬਦ ਹੈ ਜੋ IDEA ਵਿੱਚ ਇਹ ਦੱਸਣ ਲਈ ਵਰਤਿਆ ਜਾਂਦਾ ਹੈ ਕਿ ਸੁਣਵਾਈ ਦੀ ਬੇਨਤੀ ਕਰਨ 'ਤੇ ਵਿਦਿਆਰਥੀ ਕਿਸ ਸਕੂਲ ਵਿੱਚ ਜਾਵੇਗਾ। ਜੇਕਰ ਸੁਣਵਾਈ ਲਈ ਬੇਨਤੀ ਕੀਤੀ ਗਈ ਹੈ, ਤਾਂ ਜਦੋਂ ਤੱਕ ਸੁਣਵਾਈ ਦੀ ਪ੍ਰਕਿਰਿਆ ਪੂਰੀ ਨਹੀਂ ਹੋ ਜਾਂਦੀ ਅਤੇ ਕੋਈ ਫੈਸਲਾ ਨਹੀਂ ਆ ਜਾਂਦਾ, ਉਦੋਂ ਤੱਕ ਵਿਦਿਆਰਥੀ ਨੂੰ ਆਪਣੇ ਮੌਜੂਦਾ ਮਾਹੌਲ ਵਿੱਚ ਆਪਣੇ ਵਿਅਕਤੀਗਤ ਸਿੱਖਿਆ ਪ੍ਰੋਗਰਾਮ ਨੂੰ ਜਾਰੀ ਰੱਖਣ ਦਾ ਅਧਿਕਾਰ ਹੈ। ਸਟੇ ਪੁੱਟ  ਦੇ ਕੁਝ ਅਪਵਾਦ ਹਨ ਜੋ ਵਿਸ਼ੇਸ਼ ਤੌਰ 'ਤੇ ਉਦੋਂ ਲਾਗੂ ਹੁੰਦੇ ਹਨ ਜਦੋਂ ਅਪਾਹਜ ਵਿਦਿਆਰਥੀਆਂ ਉੱਤੇ ਅਨੁਸ਼ਾਸਨੀ ਕਾਰਵਾਈ ਕੀਤੀ ਜਾਂਦੀ ਹੈ।

ਮੇਰੇ ਵਿਦਿਆਰਥੀ ਨੂੰ ਨਿਰਪੱਖ ਸੁਣਵਾਈ ਤੋਂ ਕਿਵੇਂ ਲਾਭ ਹੋ ਸਕਦਾ ਹੈ?

ਡਿਸਟ੍ਰਿਕਟ ਨੂੰ ਸੇਵਾਵਾਂ ਪ੍ਰਦਾਨ ਕਰਨ, ਵਿਦਿਆਰਥੀ ਦੀ ਪੜ੍ਹਾਈ ਦੇ ਨੁਕਸਾਨ ਦੀ ਭਰਪਾਈ ਲਈ ਵਿਸ਼ੇਸ਼ ਸਿੱਖਿਆ ਪ੍ਰਦਾਨ ਕਰਨ ਅਤੇ ਮਾਪਿਆਂ ਦੀਆਂ ਕਾਨੂੰਨੀ ਫੀਸਾਂ ਦਾ ਭੁਗਤਾਨ ਕਰਨ ਦਾ ਆਦੇਸ਼ ਦਿੱਤਾ ਜਾ ਸਕਦਾ ਹੈ।

ਨਿਰਪੱਖ ਸੁਣਵਾਈ ਇੱਕ ਵਿਦਿਆਰਥੀ ਨੂੰ ਉਚਿਤ ਸੇਵਾਵਾਂ ਪ੍ਰਾਪਤ ਕਰਨ ਵਿੱਚ ਮਦਦ ਕਰ ਸਕਦੀ ਹੈ ਅਤੇ ਡਿਸਟ੍ਰਿਕਟ ਦੀ ਅਸਫਲਤਾ ਦੇ ਕਾਰਨ ਵਿਦਿਆਰਥੀ ਦੀ ਪੜ੍ਹਾਈ ਦੇ ਨੁਕਸਾਨ ਦੀ ਭਰਪਾਈ ਕਰ ਸਕਦੀ ਹੈ। ਸੁਣਵਾਈ ਅਧਿਕਾਰੀ ਵਿਦਿਆਰਥੀ ਦੀ ਯੋਗਤਾ, IEP, ਪੜ੍ਹਾਈ ਦੇ ਮਾਹੌਲ ਵਿੱਚ ਤਬਦੀਲੀਆਂ ਅਤੇ ਮੁਲਾਂਕਣਾਂ ਅਤੇ ਪੁਨਰ-ਮੁਲਾਂਕਣ ਸੰਬੰਧੀ ਅਸਹਿਮਤੀ ਨੂੰ ਹੱਲ ਕਰਨ ਵਿੱਚ ਮਦਦ ਕਰ ਸਕਦਾ ਹੈ।

ਸੁਣਵਾਈ ਅਧਿਕਾਰੀ ਪੜ੍ਹਾਈ ਦੇ ਨੁਕਸਾਨ ਦੀ ਭਰਪਾਈ ਲਈ ਸਿੱਖਿਆ ਦੇਣ ਦਾ ਆਦੇਸ਼ ਵੀ ਦੇ ਸਕਦਾ ਹੈ, ਜਿਸਦਾ ਮਤਲਬ ਹੈ ਕਿ ਡਿਸਟ੍ਰਿਕਟ ਨੂੰ ਆਪਣੀਆਂ ਅਸਫਲਤਾਵਾਂ ਕਾਰਨ ਵਿਅਰਥ ਹੋਏ ਸਮੇਂ ਜਾਂ ਮੌਕਿਆਂ ਦੀ ਪੂਰਤੀ ਲਈ ਸੇਵਾਵਾਂ ਪ੍ਰਦਾਨ ਕਰਨੀਆਂ ਚਾਹੀਦੀਆਂ ਹਨ। ਉਦਾਹਰਨ ਦੇ ਲਈ, ਡਿਸਟ੍ਰਿਕਟ ਨੂੰ ਕਿਸੇ ਵਿਦਿਆਰਥੀ ਦੇ ਕਮਿਊਨਿਟੀ ਕਾਲਜ ਕੋਰਸ ਵਿੱਚ ਸ਼ਾਮਲ ਹੋਣ ਲਈ ਫੀਸ ਦਾ ਭੁਗਤਾਨ ਕਰਨ, ਵਿਸ਼ੇਸ਼ ਸਿੱਖਿਆ ਪ੍ਰੋਗਰਾਮ ਦੇ ਨਾਲ ਟਿਊਸ਼ਨ ਪ੍ਰਦਾਨ ਕਰਨ ਜਾਂ ਸਮਰ ਪ੍ਰੋਗਰਾਮ ਉਪਲਬਧ ਕਰਵਾਉਣ ਦਾ ਆਦੇਸ਼ ਦਿੱਤਾ ਜਾ ਸਕਦਾ ਹੈ ਭਾਵੇਂ ਵਿਦਿਆਰਥੀ ਵਿਸਤ੍ਰਿਤ ਸਕੂਲੀ ਸਾਲ ਦੀਆਂ ਸੇਵਾਵਾਂ ਲਈ ਯੋਗ ਨਾ ਹੋਵੇ।

ਭਰਪਾਈ ਲਈ ਦਿੱਤੀ ਜਾਣ ਵਾਲੀ ਸਿੱਖਿਆ ਦੀਆਂ ਬੇਨਤੀਆਂ IEP ਦੇ ਟੀਚਿਆਂ ਅਤੇ ਉਦੇਸ਼ਾਂ ਨਾਲ ਸੰਬੰਧਿਤ ਹੋਣੀਆਂ ਚਾਹੀਦੀਆਂ ਹਨ। ਭਰਪਾਈ ਲਈ ਦਿੱਤੀਆਂ ਜਾਣ ਵਾਲੀਆਂ ਸਿੱਖਿਆ ਸੇਵਾਵਾਂ ਲਈ ਬੇਨਤੀ ਕਰਦੇ ਸਮੇਂ ਰਚਨਾਤਮਕ ਤਰੀਕੇ ਨਾਲ ਸੋਚੋ। ਸੋਚੋ ਕਿ ਵਿਦਿਆਰਥੀ ਨੂੰ ਕੀ ਕਰਨਾ ਪਸੰਦ ਕਰਦਾ ਹੈ (ਕਲਾ, ਸੰਗੀਤ, ਵਿਗਿਆਨ, ਆਦਿ) ਅਤੇ ਇਹਨਾਂ ਵਿੱਚੋਂ ਕੋਈ ਅਨੁਭਵ ਪ੍ਰਦਾਨ ਕਰਨ ਵਾਲੇ ਪ੍ਰੋਗਰਾਮ ਜਾਂ ਸੇਵਾਵਾਂ ਦਾ ਸੁਝਾਅ ਦਿਓ।

ਜੇਕਰ ਤੁਸੀਂ ਸੁਣਵਾਈ ਜਿੱਤ ਜਾਂਦੇ ਹੋ, ਤਾਂ ਡਿਸਟ੍ਰਿਕਟ ਨੂੰ ਸੁਣਵਾਈ ਉੱਤੇ ਤੁਹਾਡੇ ਵੱਲੋਂ ਕੀਤੇ ਗਏ ਖਰਚ ਅਤੇ ਤੁਹਾਡੀ ਨੁਮਾਇੰਦਗੀ ਕਰਨ ਵਾਲੇ ਵਕੀਲ ਦੀਆਂ ਫੀਸਾਂ ਦਾ ਭੁਗਤਾਨ ਤੁਹਾਨੂੰ ਕਰਨਾ ਪੈ ਸਕਦਾ ਹੈ। ਸੁਣਵਾਈ ਦੀ ਤਿਆਰੀ ਉੱਤੇ ਹੋਏ ਖਰਚਿਆਂ ਦਾ ਰਿਕਾਰਡ ਆਪਣੇ ਕੋਲ ਜ਼ਰੂਰ ਰੱਖੋ।